ਕਪੂਰਥਲਾ ਜ਼ਿਲ੍ਹੇ ਤੋਂ ਤਿੰਨ ਸੀਟਾਂ 'ਤੇ ਕਾਂਗਰਸ ਤੇ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ
ਕਪੂਰਥਲਾ, 10 ਮਾਰਚ (ਅਮਰਜੀਤ ਕੋਮਲ)-ਕਪੂਰਥਲਾ ਜ਼ਿਲ੍ਹੇ ਵਿਚ ਐਲਾਨੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਿਚ ਕਪੂਰਥਲਾ, ਭੁਲੱਥ ਤੇ ਫਗਵਾੜਾ ਹਲਕੇ ਤੋਂ ਕਾਂਗਰਸ ਤੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਤੋਂ ਕਾਂਗਰਸ ਉਮੀਦਵਾਰ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੂੰ 7254 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜਦਕਿ ਭੁਲੱਥ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 9204 ਵੋਟਾਂ, ਫਗਵਾੜਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੀ ਵਿਰੋਧੀ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਨੂੰ 2758 ਵੋਟਾਂ ਦੇ ਫ਼ਰਕ ਨਾਲ ਪਛਾੜ ਕੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ 11519 ਵੋਟਾਂ ਦੇ ਫ਼ਰਕ ਨਾਲ ਹਰਾਇਆ | ਇੱਥੇ ਵਰਨਣਯੋਗ ਹੈ ਕਿ ਕਪੂਰਥਲਾ ਜ਼ਿਲ੍ਹਾ ਪੰਜਾਬ ਦਾ ਇੱਕੋ ਇਕ ਜ਼ਿਲ੍ਹਾ ਹੈ ਜਿੱਥੋਂ ਤਿੰਨ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ ਤੇ ਸੁਲਤਾਨਪੁਰ ਤੋਂ ਜੇਤੂ ਰਾਣਾ ਇੰਦਰਪ੍ਰਤਾਪ ਸਿੰਘ ਪੰਜਾਬ ਵਿਚੋਂ ਜੇਤੂ ਰਹਿਣ ਵਾਲਾ ਇੱਕੋ ਇਕ ਆਜ਼ਾਦ ਉਮੀਦਵਾਰ ਹੈ |